ਡਾ.ਬਲਬੀਰ ਸਿੰਘ ਵੱਲੋਂ ਲਾਲੜੂ ਖੇਤਰ ਦੇ ਵੱਖ-ਵੱਖ ਪਿੰਡਾਂ 'ਚ ਚੋਣ ਮੁਹਿੰਮ ਭਖਾਈ
ਮਲਕੀਤ ਸਿੰਘ ਮਲਕਪੁਰ
ਲਾਲੜੂ 16 ਅਪ੍ਰੈਲ 2024: ਮੰਗਲਵਾਰ ਨੂੰ ਲੋਕ ਸਭਾ ਹਲਕਾ ਪਟਿਆਲਾ ਤੋਂ ‘ਆਪ’ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੇ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਉਨ੍ਹਾਂ ਅੱਜ ਡੇਰਾਬੱਸੀ ਹਲ਼ਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਨਾਲ ਲਾਲੜੂ ਸਰਕਲ ਦੇ ਪਿੰਡਾਂ ਵਿੱਚ ਚੋਣ ਮੁਹਿੰਮ ਵਿੱਢੀ। ਇਸੀ ਮੁਹਿੰਮ ਤਹਿਤ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਨਾਲ ਡਾ. ਬਲਬੀਰ ਸਿੰਘ ਪਿੰਡ ਖੇਲਣ,ਮਾਲਣ,ਸਾਰੰਗਪੁਰ ਅੰਟਾਲਾ,ਹੰਡੇਸਰਾ,ਰਾਣੀਮਾਜਰਾ,ਸੀਂਹਪੁਰ, ਤਸਿੰਬਲੀ ਮੰਡੀ,ਬਸੋਲੀ, ਜੌਲਾ ਕਲਾਂ, ਝਰਮੜੀ, ਸਰਸੀਣੀ,ਟਿਵਾਣਾ ਮੰਡੀ,ਆਲਮਗੀਰ,ਡੈਹਰ, ਲਾਲੜੂ ਚੌਂਕ, ਕੈਂਟਰ ਯੂਨੀਅਨ ਲਾਲੜੂ, ਲਾਲੜੂ ਸਬਜ਼ੀ ਮੰਡੀ, ਦੱਪਰ ਅਤੇ ਘੋਲੂਮਾਜਰਾ ਪੁੱਜੇ, ਜਿੱਥੇ ਉਨ੍ਹਾਂ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ।
ਰੰਧਾਵਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਏ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਤ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਪੱਲ੍ਹਾ ਫੜ੍ਹਿਆ । ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ ਹਸਪਤਾਲਾਂ, ਸਕੂਲਾਂ, ਬਿਜਲੀ, ਪਾਣੀ ਅਤੇ ਬੁਨਿਆਦੀ ਢਾਂਚੇ ਦੀ ਰਾਜਨੀਤੀ ਕਰਦੀ ਹੈ, ਜਦਕਿ ਬਾਕੀ ਪਾਰਟੀਆਂ ਜਾਤ, ਧਰਮ ਅਤੇ ਨਫਰਤ ਦੀ ਰਾਜਨੀਤੀ ਕਰਦੀਆਂ ਹਨ। ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਇਆ ਤੇ ਵੱਖ-ਵੱਖ ਥਾਵਾਂ 'ਤੇ ਮੁਹੱਲਾ ਕਲੀਨਿਕ ਬਣਾਏ ਗਏ ਹਨ। ਹੁਣ ਅਸੀਂ ਪੰਜਾਬ ਵਿੱਚ ਵੀ ਦਿੱਲੀ ਦੀ ਤਰਜ਼ 'ਤੇ ਸਰਕਾਰੀ ਸਕੂਲ ਅਤੇ ਮੁਹੱਲਾ ਕਲੀਨਿਕ ਬਣਾ ਰਹੇ ਹਾਂ, ਜਿਸ ਦੀ ਘਬਰਾਹਟ ਕਾਰਨ ਪ੍ਰਧਾਨ ਮੰਤਰੀ ਮੋਦੀ ਨੇ ਏਜੰਸੀਆਂ ਦੀ ਦੁਰਵਰਤੋਂ ਕਰ ਉਨ੍ਹਾਂ ਦੇ ਸੀਨੀਅਰ ਆਗੂਆਂ ਨੂੰ ਅੰਦਰ ਕਰ ਦਿੱਤਾ।